ਹਾਕੀ ਦੀ ਬਿਹਤਰੀ ਲਈ ਸੀਚੇਵਾਲ 'ਚ ਬਣਿਆ 'ਐਸਟਰੋਟਰਫ' ਮੈਦਾਨ

ਸੰਤ ਬਲਬੀਰ ਸਿੰਘ ਸੀਚੇਵਾਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਪੇਂਡੂ ਖੇਤਰਾਂ ਦੀਆਂ ਟੋਇਆਂ ਭਰੀਆਂ ਕੱਚੀਆਂ ਸੜਕਾਂ ਨੂੰ ਚੱਲਣਯੋਗ ਬਣਾਉਣ ਤੋਂ ਕਾਰਜ ਸ਼ੁਰੂ ਕਰਨ ਵਾਲੇ ਸੰਤ ਸੀਚੇਵਾਲ ਉਦੋਂ 'ਸੜਕਾਂ ਵਾਲੇ ਬਾਬੇ ਵਜੋਂ ਮਸ਼ਹੂਰ ਹੋ ਗਏ। ਆਪਣੇ ਆਲੇ-ਦੁਆਲੇ ਦੀ ਕੁਦਰਤੀ ਸੁੰਦਰਤਾ 'ਚ ਆ ਰਹੇ ਰਹੇ ਨਿਰੰਤਰ ਨਿਘਾਰ ਪ੍ਰਤੀ ਉਹ ਸ਼ੁਰੂ ਤੋਂ ਸੁਚੇਤ ਹਨ। ਮਿੱਟੀ, ਪਾਣੀ ਤੇ ਹਵਾ ਦੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਉਨਾਂ ਵੱਲੋਂ ਆਰੰਭੇ ਕਾਰਜਾਂ ਨੂੰ ਅੱਜ ਦੁਨੀਆ ਭਰ ਦੀਆਂ ਵਾਤਾਵਰਣ ਸੰਸਥਾਵਾਂ ਮਾਨਤਾ ਦੇ ਰਹੀਆਂ ਹਨ। ਕਾਲੀ ਵੇਈਂ ਦੇ ਸੁੰਦਰੀਕਰਨ ਦੀ ਉਦਾਹਰਨ ਸਾਡੇ ਸਾਹਮਣੇ ਹੈ। ਕੁਦਰਤੀ ਵਸੀਲਿਆਂ ਦੀ ਸਾਂਭ- ਸੰਭਾਲ ਪ੍ਰਤੀ ਗੰਭੀਰ ਚਿੱਤ ਹੋ ਕੇ ਜੁੱਟੇ ਸੰਤ ਸੀਚੇਵਾਲ ਵੱਲੋਂ ਪੁਲੀਤ ਹੋ ਹਰੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣ, ਉਨਾਂ ਦੀ ਸੰਭਾਲ ਤੇ ਪੋਸ਼ਣ ਕਰਨ, ਪਾਣੀ ਦੇ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਹੋਣੋਂ ਬਚਾਉ, ਧਰਤੀ ਹੇਠਲੇ ਪਾਣੀ ਦੇ ਨੀਵੇਂ ਹੋ ਰਹੇ ਪੱਧਰ, ਪਿੰਡਾਂ-ਸ਼ਹਿਰਾਂ 'ਚ ਨਿਕਾਸੀ ਪਾਣੀ ਨੂੰ ਸੋਧ ਕੇ ਵਰਤੋਂਯੋਗ ਬਣਾਉਣ ਆਦਿ ਜਿਹੇ ਆਰੰਭ ਕੀਤੇ ਉਪਰਾਲਿਆਂ 'ਚ ਉਹ ਖੁਦ ਸ਼ਮੂਲੀਅਤ ਕਰਕੇ ਲੋਕਾਂ ਦੀ ਅਗਵਾਈ ਕਰਦੇ ਹਨ।
ਵਾਤਾਵਰਣ ਦੀ ਸ਼ੁੱਧਤਾਂ ਦੇ ਮਿਸ਼ਨ ਨੂੰ ਲੈ ਕੇ ਤੁਰੇ ਸੰਤ ਸੀਚੇਵਾਲ ਨੇ ਪਿੰਡਾਂ 'ਚ ਵਿੱਦਿਆ ਦੇ ਪਸਾਰ ਲਈ ਉਪਰਾਲੇ ਵੀ ਕੀਤੇ। ਵਾਤਾਵਰਣ ਦੇ ਪ੍ਰਦੁਸ਼ਣ ਤੋਂ ਵੀ ਗੰਭਿਰ ਪਂਜਾਬ ਦੀ ਜਵਾਨੀ ਦੇ ਨਸ਼ਿਆ ਨਾਲ ਪ੍ਰਦੂਸ਼ਿਤ ਹੁੰਦੇ ਜਾਣ ਤੋਂ ਚਿੰਤਤ ਸੰਤ ਸੀਚੇਵਾਲ ਵੱਲੋਂ ਜਵਾਨੀ ਨੂੰ ਇਸ ਕੁਰਾਹ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਨ ਦਾ ਬੀੜਾ ਚੁੱਕਿਆ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉਨ੍ਹਾਂ 'ਵਾਹਿਗੁਰੂ-ਵਾਹਿਗੁਰੂ ਨਾਂਅ ਦੇ ਕੇ ਖਿਡਾਰੀਆਂ ਨੂੰ ਖੇਡ-ਭਾਵਨਾ ਦੇ ਨਾਲ ਨਾਲ ਧਾਰਮਿਕ ਭਾਵਨਾ ਨਾਲ ਵੀ ਲਬਰੇਜ ਕੀਤਾ।
ਭਾਰਤ ਦੀਆ ਆਪਣੀ ਖੇਡ ਹਾਕੀ, ਜਿਸ ਦੀ ਕਦੀ ਦੁਨੀਆਂ ਭਰ 'ਚ ਸਰਦਾਰੀ ਰਹੀ ਹੈ, ਅੱਜਕੱਲ ਆਪਣੇ ਮਾੜੇ ਦੌਰ 'ਚੋ ਲੰਘ ਰਹੀ ਹੈ। ਸੰਤ ਸੀਚੇਵਾਲ ਮੁਤਾਬਿਕ ਅਗਰ ਖਿਡਾਰੀਆਂ ਨੂੰ ਮੁੱਢ ਤੋਂ ਹੀ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਦੇ ਕੇ ਸਿਖਲਾਈ ਦਿੱਤੀ ਜਾਵੇ ਤਾਂ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਧੋਖਾ ਨਹੀਂ ਖਾ ਸਕਦੇ। ਇਸੇ ਮਕਸਦ ਨੂੰ ਲੈ ਕੇ ਉਨ੍ਹਾਂ ਪਿੰਡ ਸੀਚੇਵਾਲ ਵਿਖੇ ਹਾਕੀ ਦੇ ਉਭਰਦੇ ਖਿਡਾਰਿਆਂ ਨੂੰ 'ਐਸਟਰੋਟਰਫ' ਮੈਦਾਨ ਬਣਾ ਕੇ ਦਿੱਤਾ ਹੈ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਇਸ ਮੈਦਾਨ 'ਚ ਅਭਿਆਸ ਕਰਨ ਵਾਲੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਹਾਕੀ ਵਰਗੀਆਂ ਖੇਡ ਸਹੂਲਤਾਂ ਦਿਤਿਆਂ ਜਾਣਗੀਆਂ। ਇਸ ਮੈਦਾਨ ਨੂੰ ਹਾਕੀ ਦੀ ਨਰਸਰੀ ਵਜੋਂ ਵਿਕਸਿਤ ਕੀਤਾ ਜਾਵੇਗਾ।
ਸੰਤ ਸੀਚੇਵਾਲ ਦੀ ਹਾਕੀ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਪ੍ਰਤੀਬੱਧਤਾ ਇਸ ਗੱਲ ਤੋਂ ਵੀ ਝਲਕਦੀ ਹੈ ਕਿ ਉਹ ਖੁਦ ਮੈਦਾਨ ਦੀ ਸਾਂਭ- ਸੰਭਾਲ ਲਈ ਅੱਗੇ ਹੋ ਕੇ ਕਾਰਜ ਕਰਦੇ ਹਨ। ਸੀਚੇਵਾਲ 'ਚ ਹੋ ਰਹੇ ਹਾਕੀ ਦੇ ਮੈਚਾਂ ਦੋਰਾਨ ਉਨ੍ਹਾਂ ਨੂੰ ਬਿਨਾਂ ਕਿਸੇ ਸੰਕੋਚ ਦੇ ਖੇਡ ਮੈਦਾਨ 'ਚ ਲੱਗੇ ਐਸਟਰੋਟਰਫ 'ਤੇ ਪਾਣੀ ਛਿੜਕਦਿਆਂ ਦੇਖਿਆ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਵੇਲੇ ਸੀਚੇਵਾਲ ਵਿਖੇ 30-35 ਜੂਨੀਅਰ ਤੇ ਸੀਨੀਅਰ ਖਿਡਾਰੀ ਇਸ ਆਧੁਨਿਕ ਮੈਦਾਨ 'ਤੇ ਅਭਿਆਸ ਕਰ ਰਹੇ ਹਨ।
ਸੰਸਾਰਪੁਰ ਹਾਕੀ ਅਤੇ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਵਜੋਂ ਸੰਸਾਰ ਪ੍ਰਸਿੱਧ ਹਨ। ਸੰਤ ਸੀਚੇਵਾਲ ਵੱਲੋਂ ਹਾਕੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਜਾਪਦਾ ਹੈ ਕਿ ਛੇਤੀ ਹੀ ਸੀਚੇਵਾਲ ਵੀ ਹਾਕੀ ਦੀ ਨਰਸਰੀ ਵਜੋਂ ਪ੍ਰਸਿੱਧ ਹੋ ਜਾਵੇਗਾ।

ਡਾ: ਨਗਿੰਦਰ ਸਿੰਘ ਬਾਂਸਲ,
ਬੱਗਾ (ਸ਼ਾਹਕੋਟ) ਜਲੰਧਰ 144703,
ਮੋਬਾ: 98786-93890